ਗੁੱਜਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਜਰ ਸਿੰਘ (1879-1975): ਮਸ਼ਹੂਰ ਗ਼ਦਰ ਲੀਡਰ ਦਾ ਜਨਮ 1879 ਵਿਚ ਹੋਇਆ। ਇਹ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਭਕਨਾਂ ਕਲਾਂ ਦੇ ਸ਼ਾਮ ਸਿੰਘ ਦਾ ਪੁੱਤਰ ਸੀ। ਇਸਨੇ ਚੌਥੇ ਰਸਾਲੇ ਵਿਚ 6 ਸਾਲ ਲਈ ਨੌਕਰੀ ਕੀਤੀ। 1909 ਵਿਚ ਇਹ ਸ਼ੰਘਾਈ (ਚੀਨ) ਚੱਲਾ ਗਿਆ ਅਤੇ ਉੱਥੇ ਇਹ ਫ਼ੌਜ ਵਿਚ ਭਰਤੀ ਹੋ ਗਿਆ। 1913 ਵਿਚ ਗ਼ਦਰ ਪਾਰਟੀ ਦਾ ਹਫ਼ਤਾਵਰ ਗ਼ਦਰ ਸਥਾਨਿਕ ਗੁਰਦੁਆਰੇ ਦੇ ਗ੍ਰੰਥੀ ਦੁਆਰਾ ਸ਼ੰਘਾਈ ਆ ਗਿਆ, ਜਿਸਨੇ ਇਹ ਪੈਕਟ ਪੁਲਿਸ ਨੂੰ ਦੇ ਦਿੱਤਾ। ਕਿਸੇ ਤਰ੍ਹਾਂ ਉਸਦੀ ਇਕ ਕਾਪੀ ਗੁੱਜਰ ਸਿੰਘ ਦੇ ਹੱਥਗਈ। ਇਸਨੇ ਉਸਨੂੰ ਉਤਸੁਕਤਾ ਨਾਲ ਪੜ੍ਹਿਆ ਅਤੇ ਦੁਬਾਰਾ ਫਿਰ ਉਸਨੂੰ ਆਪਣੇ ਮਿੱਤਰਾਂ ਲਈ ਕਈ ਵਾਰ ਪੜ੍ਹਿਆ। ਗ਼ਦਰ ਨੇ ਇਸ ਅੰਦਰ ਮਾਤ-ਭੂਮੀ ਦੀ ਸੇਵਾ ਕਰਨ ਦੀ ਇੱਛਾ ਨੂੰ ਜਾਗਰੂਕ ਕੀਤਾ। ਇਸਨੇ 100 ਡਾਲਰ ਇਕੱਠੇ ਕੀਤੇ ਅਤੇ ਸਾਨਫ਼ਰਾਂਸਿਸਕੋ ਵਿਚ ਯੁਗਾਂਤਰ ਆਸ਼ਰਮ ਵਿਚ ਆਪਣੇ ਵੱਲੋਂ ਚੰਦੇ ਦੇ ਰੂਪ ਵਿਚ ਭੇਜ ਦਿੱਤੇ। ਇਹ ਗ਼ਦਰ ਦਾ ਬੰਡਲ ਇਕ ਜਾਪਾਨੀ ਵਪਾਰੀ ਰਾਹੀਂ ਪ੍ਰ੍ਰਾਪਤ ਕਰਦਾ ਅਤੇ ਰਾਤ ਨੂੰ ਉਸ ਦੀਆਂ ਕਾਪੀਆਂ ਆਪਣੇ ਸਾਥੀ ਭਾਰਤੀਆਂ ਵਿਚ ਵੰਡ ਦਿੰਦਾ ਸੀ।

     ਭਾਈ ਸੁੰਦਰ ਸਿੰਘ ਅਤੇ ਡਾ. ਮਥੁਰਾ ਸਿੰਘ, ਸ਼ੰਘਾਈ ਦੇ ਵਸਨੀਕ ਭਾਰਤੀਆਂ ਨੂੰ ਚੇਤਨ ਕਰਨ ਲਈ ਉੱਥੇ ਆਏ। ਗੁੱਜਰ ਸਿੰਘ ਨੇ ਬਾਬਾ ਵਸਾਖਾ ਸਿੰਘ ਨਾਲ ਰਲ ਕੇ ਗ਼ਦਰ ਜਥੇ ਨੂੰ ਸੰਗਠਿਤ ਕਰਨ ਲਈ ਮੋਹਰੀ ਤੌਰ ‘ਤੇ ਹਿੱਸਾ ਲਿਆ। ਇਸਨੇ ਸ਼ੰਘਾਈ ਦੇ ਗੁਰਦੁਆਰੇ ਵਿਚ ਭਾਰਤੀਆਂ ਦੀਆਂ ਹਫ਼ਤਾਵਰ ਮੀਟਿੰਗਾਂ ਬੁਲਾਕੇ ਉਹਨਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਗ਼ਦਰ ਅਖ਼ਬਾਰ ਸਰੋਤਿਆਂ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਅਤੇ ਇਹ ਭਾਰਤ ਨੂੰ ਵਿਦੇਸ਼ੀਆਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਸਹਾਇਤਾ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰਦਾ ਤਾਂ ਕਿ ਸਰਕਾਰ ਦੀ ਅਜਿਹੀ ਪ੍ਰਣਾਲੀ ਬਣਾਈ ਜਾ ਸਕੇ ਜਿਸਦਾ ਆਧਾਰ ਬਰਾਬਰੀ , ਅਜ਼ਾਦੀ ਅਤੇ ਭਰਾਤਰੀ-ਭਾਵ ਹੋਵੇ। ਗ਼ਦਰ ਲਹਿਰ ਲਈ ਇਸ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਕਾਰਨ ਗੁੱਜਰ ਸਿੰਘ ਨੂੰ ਪੁਲਿਸ ਵਿਭਾਗ ਵਿਚੋਂ ਹਟਾ ਦਿੱਤਾ ਗਿਆ।

     ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਨਾਲ ਗੁੱਜਰ ਸਿੰਘ ਨੇ ਗ਼ਦਰ ਪਾਰਟੀ ਦੁਆਰਾ ਭਾਰਤੀਆਂ ਨੂੰ ਭਾਰਤ ਵੱਲ ਕੂਚ ਕਰਨ ਦੇ ਸੱਦੇ ਦੀ ਹਾਮੀ ਭਰੀ। ਇਸਨੇ ਸ਼ੰਘਾਈ ਤੋਂ ਕੁਝ ਪਿਸਤੌਲਾਂ ਖ਼ਰੀਦੀਆਂ ਅਤੇ ਉਹਨਾਂ ਨੂੰ ਢੋਲਾਂ ਅਤੇ ਬਕਸਿਆਂ ਦੇ ਥੱਲੇ ਬਣਾਏ ਗੁਪਤ ਰੱਖਣਿਆਂ ਵਿਚ ਛੁਪਾ ਕੇ ਹਾਂਗਕਾਂਗ ਅਤੇ ਪਿਨਾਂਗ ਦੇ ਰਸਤੇ ਭਾਰਤ ਵਿਚ ਭੇਜਣ ਵਿਚ ਸਫ਼ਲਤਾ ਹਾਸਲ ਕੀਤੀ। ਇਹ ਅਕਤੂਬਰ 1941 ਨੂੰ ਪਹਿਲੇ ਜਥੇ ਵਿਚ ਭਾਰਤ ਵਾਪਸ ਆਇਆ, ਜਿਹੜਾ ਕਾਮਾਗਾਟਾ ਮਾਰੂ ਤੋਂ ਬਾਅਦ ਕਲੱਕਤੇ ਪਹੁੰਚਿਆ ਸੀ। ਇਸਨੇ ਇੱਥੇ ਆ ਕੇ ਲਹਿਰ ਲਈ ਅਮਰੀਕਾ ਤੋਂ ਆਉਣ ਵਾਲੇ ਪ੍ਰਮੁਖ ਗ਼ਦਰੀ ਜਥੇ ਦੇ ਪਹੁੰਚਣ ਤਕ ਮੁਢਲੀਆਂ ਤਿਆਰੀਆਂ ਕੀਤੀਆਂ। 13 ਅਕਤੂਬਰ 1914 ਨੂੰ ਗੁੱਜਰ ਸਿੰਘ ਦੀ ਅਗਵਾਈ ਹੇਠ ਮਾਝਾ ਖੇਤਰ ਵਿਚ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਸੀ। ਇਹ ਪਾਰਟੀ ਦੀ ਭਾਰਤ ਵਿਚਲੀ ਕੇਂਦਰੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ। ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਸਿਆਲਕੋਟੀ ਦੇ ਨਾਲ ਇਹ ਮਹਾਤਮਾ ਗਾਂਧੀ ਨੂੰ ਮਿਲਿਆ ਅਤੇ ਸਹਾਇਤਾ ਲਈ ਕਿਹਾ, ਜਿਸ ਤੋਂ ਇਨਕਾਰ ਕਰ ਦਿੱਤਾ ਗਿਆ। 17 ਨਵੰਬਰ 1914 ਨੂੰ ਮੱਸਿਆ ਦੇ ਮੇਲੇ ‘ਤੇ ਤਰਨ ਤਾਰਨ ਵਿਖੇ ਪਾਰਟੀ ਦੀ ਅਗਲੀ ਮੀਟਿੰਗ ਵਿਚ ਇਹ ਸ਼ਾਮਲ ਹੋਇਆ। ਇਸਨੂੰ ਮੇਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਪਰੰਤੂ ਫਿਰ ਜਲਦੀ ਹੀ ਰਿਹਾਅ ਕਰ ਦਿੱਤਾ ਗਿਆ ਸੀ।

     ਇਸਨੂੰ ਦੁਬਾਰਾ ਫਿਰ ਛੇਹਰਟਾ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤੀ ਮੁਕੱਦਮੇ ਦੇ ਰਿਕਾਰਡ ਵਿਚ ਇਸਦੀ ਗ੍ਰਿਫ਼ਤਾਰੀ ਦੀ ਤਾਰੀਖ਼ 18 ਨਵੰਬਰ 1914 ਦਰਜ ਹੈ। ਇਸ ਉੱਤੇ ਸ਼ੰਘਾਈ ਵਿਚ ਭਾਰਤੀਆਂ ਦੁਆਰਾ ਕੀਤੀਆਂ ਜਾ ਰਹੀਆਂ ਰਾਜਨੀਤਿਕ ਗਤੀਵਿਧੀਆਂ ਦਾ ਵੇਰਵਾ ਖੋਲ੍ਹਣ ਲਈ ਦਬਾਅ ਪਾਇਆ ਗਿਆ। ਇਸ ਉੱਪਰ ਪਹਿਲਾਂ ਲਾਹੌਰ ਸਾਜ਼ਸ਼ ਕੇਸ ਦਾ ਮੁਕੱਦਮਾ ਚਲਾਇਆ ਗਿਆ, ਪਰੰਤੂ ਬਰੀ ਕਰ ਦਿੱਤਾ ਗਿਆ। ਫਿਰ ਛੇਤੀ ਹੀ ਇਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਉੱਪਰ ਦੁਬਾਰਾ ਲਾਹੌਰ ਸਾਜ਼ਸ਼ ਕੇਸ II (1916) ਦਾ ਮੁਕੱਦਮਾ ਚਲਾਇਆ ਗਿਆ। ਇਸ ਵਾਰ ਇਸਨੂੰ ਦੋਸ਼ੀ ਸਿੱਧ ਕੀਤਾ ਗਿਆ ਅਤੇ ਇਸਦੀ ਜਾਇਦਾਦ ਜ਼ਬਤ ਕਰਨ ਦੇ ਨਾਲ ਆਜੀਵਨ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਇਹ ਉਸ ਸਮੇਂ ਬਿਹਾਰ ਦੀ ਹਜ਼ਾਰੀ ਬਾਗ਼ ਦੀ ਜੇਲ੍ਹ ਵਿਚ ਆਪਣੀ ਸਜ਼ਾ ਦੀ ਮਿਆਦ ਕੱਟ ਰਿਹਾ ਸੀ, ਜਦੋਂ ਇਹ ਬਹੁਤ ਹੀ ਹੌਂਸਲੇ ਭਰਿਆ ਕਾਰਨਾਮਾ ਕਰਕੇ ਆਪਣੇ 17 ਸਾਥੀਆਂ ਸਮੇਤ ਹਿਰਾਸਤ ਵਿਚੋਂ ਬੱਚ ਨਿਕਲਿਆ ਸੀ। ਇਸਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਜ਼ਾਰੀ ਬਾਗ਼, ਮਦਰਾਸ, ਪੂਨੇ ਦੀਆਂ ਜੇਲ੍ਹਾਂ ਵਿਚ ਇਸਨੂੰ ਕੈਦੀ ਬਣਾ ਕੇ ਰੱਖਿਆ ਗਿਆ। ਪੂਨੇ ਜੇਲ੍ਹ ਵਿਚ, ਇਹ ਖ਼ਾਲਸਾ ਰਹਿਤ ਮਰਯਾਦਾ ਅਨੁਸਾਰ ਕਛਿਹਰਾ ਪਾਉਣ ਦੀ ਮੰਗ ਨੂੰ ਦ੍ਰਿੜਤਾ ਨਾਲ ਮਨਵਾਉਣ ਖਾਤਰ ਭੁੱਖ ਹੜਤਾਲ ‘ਤੇ ਬੈਠ ਗਿਆ। ਇਸਨੇ ਜੇਲ੍ਹ ਤੋਂ ਭੱਜਣ ਦਾ ਯਤਨ ਕੀਤਾ, ਪਰੰਤੂ ਇਸ ਵਾਰ ਇਸ ਨੂੰ ਸਫ਼ਲਤਾ ਨਹੀਂ ਮਿਲੀ। ਇਸਨੂੰ ਪੂਨੇ ਤੋਂ ਲਾਹੌਰ ਦੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ 1930 ਵਿਚ ਇਸਦੀ ਸਜ਼ਾ ਪੂਰੀ ਹੋਣ ‘ਤੇ ਇਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਹ ਆਪਣੇ ਪਿੰਡ ਭਕਨਾਂ ਵਿਚ ਵਾਪਸ ਆ ਗਿਆ ਅਤੇ ਇਸਨੇ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਵਿਚ ਹਿੱਸਾ ਲੈਣਾ ਜਾਰੀ ਰੱਖਿਆ।

     6 ਸਤੰਬਰ 1975 ਨੂੰ ਗੁੱਜਰ ਸਿੰਘ ਅਕਾਲ ਚਲਾਣਾ ਕਰ ਗਿਆ।


ਲੇਖਕ : ਗ.ਸ.ਦ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.